Sunday, November 19, 2023

ਪੁੱਛ

ਆਜ਼ਾਦੀ ਦਾ ਅਹਿਸਾਸ
ਉਡਦੇ ਪਰੀਂਦੇ ਤੋਂ ਪੁੱਛ।

ਹਾਸੇ ਦਾ ਮੁੱਲ
ਖਿੜੇ ਫੁੱਲ ਤੋਂ ਪੁੱਛ।

ਮਸਤੀ ਦਾ ਆਲਮ
ਫ਼ਕੀਰ ਤੋਂ ਪੁੱਛ।

ਜ਼ਿੰਦਗੀ ਦੀ ਚਾਲ
ਵਗਦੇ ਪਾਣੀ ਤੋਂ ਪੁੱਛ।

ਕੀ ਹੈ ਮੰਜ਼ਿਲ
ਆਪਣੇ ਆਪ ਤੋਂ ਪੁੱਛ।...... ਸਤਵੀਰ

Tuesday, September 15, 2009

ਇਹ ਵੀ ਹੋਣਾ ਸੀ|

ਆਉਣਾ ਸੀ ਕੋਲ ਕਿਸੇ
ਫਿਰ ਦੂਰ ਭੱਜ ਜਾਣਾ ਸੀ|
ਤੱਕ ਲੈਣ ਦੇਂਦੇ ਨਿਗਾ ਭਰਕੇ
ਅਸਾਂ ਤਾਂ ਰੱਜ ਜਾਣਾ ਸੀ|

ਕਰ ਦੇਂਦੇ ਜੇ ਮਾਫ ਗੁਸਤਾਖੀ
ਹੱਸ ਹਿਜ਼ਰ ਦਾ ਗਮ ਖਾਣਾ ਸੀ|
ਸੋਚਦੇ ਜੇ ਤੇਰਾ ਬੁਰਾ
ਅਸਾਂ ਖੁਦ ਮਰ ਜਾਣਾ ਸੀ|

ਤੇਰੇ ਨਾਲ ਜੋ ਬੀਤੇ ਪਲ
ਸਾਡੇ ਜੀਣ ਦਾ ਸਬੱਬ ਬਣ ਜਾਣਾ ਸੀ|
ਜਿਸ ਉਤੇ ਸੀ ਭਰੋਸਾ
ਉਸੇ ਨੇ ਹੀ ਠੱਗ ਬਣ ਜਾਣਾ ਸੀ|

ਆਪ੍ਣੇ ਹੋਣ ਦੇ ਅਹਿਸਾਸ ਤੋਂ ਬਾਦ
ਫਿਰ ਉਸਨੂੰ ਖੋਣਾ ਸੀ|
ਸਾਡੀ ਜ਼ਿੰਦਗੀ ਚ
ਇਹ ਵੀ ਹੋਣਾ ਸੀ|

Wednesday, June 24, 2009

ਮਿੱਤਰ ਦੀ ਕਲਮ ਤੋਂ- बेनाम-सा कोई रिश्ता बनाएँਃ

मैं तुझे "ए" कहकर बुलाऊँ,
तू मुझे "ओए" कहकर बुलाना अब से,
ना मैं तुझसे पूछूँ कभी नाम तेरा,
ना तुझे हो कोई मतलब मेरे दिनो-मज़हब से,

दिनभर करते रहें हम बातें बेफ़िज़ुल-सी,
मतलब जिनका किसी को ना पता हो,
या फिर यूँ ही देखते रहें इक दूजे को,
वक्त जैसे ओस की बूँदो-सा ठहरा हो,

ना मेरे काधों पे रखा हो बोझ तेरी ख्व्वाहिशों का,
ना मैं तेरी आखों में रखूँ कोई ख्वाब अपना,
ना मेरी खामोशी में हो कोई सवाल तेरे लिए,
ना मैं तेरी खामोशी में तलाश करूँ कोई जवाब अपना,

ना करें कोई वादा उमर भर साथ निभाने का,
बस जब जी चाहें जुदा कर लें राहें अपनी,
मगर ख्याल इतना रहे, जो फिर मिलें ज़िंदगी के किसी मोड पर,
ना इक-दूजे से चुरानी पडें हमें निगाहें अपनी,

आओ बेनाम-सा कोई रिश्ता बनाएँ

*ਅਮੀਤ ਦਾਂਦਯਾਨ*

ਪੰਜਾਬੀ powered by Lipikaar

Thursday, June 18, 2009

'ਬਚਪਨ ਦਾ ਨਾਟਕ'

ਮਾਂ ਦੇ ਕਿਰਦਾਰ ਬਿਨਾਂ ਖੇਡਿਆ
'ਬਚਪਨ ਦਾ ਨਾਟਕ'|
ਮੁੰਹ 'ਚੋ ਕਦੇ ਨਾ ਨਿਕਲੇ
ਖੁਸ਼ੀ ਭਰੇ ਸੰਵਾਦ|
ਦਰਸ਼ਕਾਂ ਵਾਂਗ ਨਾਦਾਰਦ ਹੀ ਰਹੇ
ਸੱਧਰਾਂ ਤੇ ਚਾਅ|
ਅੱਖਾਂ ਨੂੰ ਨਾ ਲੋੜ ਪਈ
ਬਨਾਵਟੀ ਹੰਝੂਆਂ ਦੀ|
ਭੁੱਖ ਨਾਲ ਲੜਾਈ ਬਣ ਗਿਆ
ਕੇਂਦਰੀ ਵਿਸ਼ਾ|
ਖਲਨਾਇਕ ਹੋ ਨਿਬੜੀ
ਅੱਤ ਦੀ ਗਰੀਬੀ|
ਸਿਰਫ ਯਾਦਾਂ ਵਿਚ ਹੀ ਆਈ
ਨਾਇਕਾ|
ਦਰਦਨਾਕ ਅੰਤ ਤੇ ਮਿਲੀ ਬੱਸ
ਤਾਲੀਆ ਦੀ ਗੂੰਜ|

Saturday, May 30, 2009


ਸੋਚਿਆ ਸੀ ਮੈਂ ਵੀ
ਤੇਰੇ ਹੁਸਨ ਦਾ ਗੀਤ ਲਿਖਾਂ|
ਗੋਰੇ ਰੰਗ,ਤੀਖੇ ਨੱਕ ਤੇ
ਲੱਕ ਪਤਲੇ ਦੀ ਤਾਰੀਫ ਲਿਖਾਂ|
ਪਰ ਉਸ ਤੋਂ ਪਹਿਲਾਂ ਕਿਉਂ ਨਾਂ
ਤੇਰੇ ਦਿਲ ਦੀ ਹਰ ਇਕ ਚੀਸ ਲਿਖਾਂ|

ਬਾਜਾਂ ਚ ਘਿਰੀ ਕੂੰਜ ਦੀ
ਖੁੱਲੀ ਹਵਾ ਚ ਉਡਣ ਦੀ ਰੀਝ ਲਿਖਾਂ|
ਕਰੇਂ ਸਭ ਮਨਭਾਉਂਦਾ
ਕੁਝ ਏਸੀ ਤਜ਼ਵੀਜ਼ ਲਿਖਾਂ|
ਭਰ ਦੇਵੇ ਨਾਲ ਹੌਂਸਲੇ ਜੋ
ਤੇਰੇ ਹੱਕ ਚ ਹਰ ਉਹ ਚੀਜ਼ ਲਿਖਾਂ|

ਵਿਗੜੇ ਨਾਂ ਅਕਸ ਤੇਰਾ
ਕੋਈ ਏਸਾ ਦਸਤੂਰ ਲਿਖਾਂ|
ਬਾਹਰਲੀ ਦਿੱਖ ਨੂੰ ਛੱਡ
ਤੇਰੇ ਅੰਦਰ ਦਗਦਾ ਨੂਰ ਲਿਖਾਂ|
ਆਵੇ ਤੇਰੇ ਚ ਏਨੀ ਤਾਕਤ
ਕਦੇ ਨਾਂ ਤੈਨੂੰ ਮਜ਼ਬੂਰ ਲਿਖਾਂ|

ਵਾਂਗ ਵਸਤੂ ਸਮਝਣ ਜਿਹੜੇ
ਉਹਨਾਂ ਦੇ ਮੂੰਹ ਫਿਟਕਾਰ ਲਿਖਾਂ|
ਮਰਦ ਬਰਾਬਰ ਦਰਜਾ ਤੇਰਾ
ਇਕ ਨਹੀਂ ਸੋ ਵਾਰ ਲਿਖਾਂ|
ਸਦਾ ਕਰਾਂਗਾਂ ਤੇਰੀ ਇੱਜ਼ਤ
ਮੈਂ ਆਪਣਾ ਇਹ ਇਕਰਾਰ ਲਿਖਾਂ|
ਪੰਜਾਬੀ powered by Lipikaar

Thursday, May 14, 2009

100 ਦਾ ਨੋਟ

ਕਿਸੇ ਦੀਆਂ ਇਸ ਨਾਲ 100
ਰੀਝਾਂ ਪੂਰੀਆਂ ਹੁੰਦੀਆਂ ਹਨ|
ਕਿਸੇ ਹੋਰ ਲਈ
100 ਨਾਲ
ਗੁਣਾ ਕਰਨ ਤੇ ਵੀ
ਨਾਂਮਾਤਰ ਹੈ|
ਕੋਈ ਇਸ ਨੂੰ ਕਮਾਉਣ ਲਈ
ਹੱਡ ਭਨਾਈ ਕਰਦਾ ਹੈ|
ਤੇ ਕੋਈ ਹੋਰ
ਬਿਨਾਂ ਕੋਈ ਡੱਕਾ ਤੋੜੇ
ਇਸਦੇ ਢੇਰ ਤੇ
ਬੈਠਾ ਹੈ|
ਸ਼ਰਾਬੀ ਲਈ ਇਹ ਇਕ ਰਾਤ
ਦੀ ਰੰਗੀਨੀ ਦਾ ਸਾਧਨ ਹੈ|
ਉਸਦੀ ਘਰਵਾਲੀ ਲਈ
ਆਟਾ, ਦਾਲ
ਤੇ ਚੁੱਲੇ ਦਾ
ਬਾਲਣ ਹੈ|
ਪਤਾ ਨੀਂ ਕਦੋਂ
100 ਦਾ ਨੋਟ
ਕਿਸੇ ਦੇ
ਚੋਚਲੇ,ਐਸ਼,ਤੇ ਆਰਾਮ
ਨੂੰ ਠੋਕਰ ਮਾਰ
ਕਿਸੇ ਦੇ ਪੇਟ ਦੀ
ਅੱਗ ਬੁਝਾਏਗਾ?

Wednesday, May 6, 2009

ਅਹਿਸਾਸ

ਸਾਡੇ ਲਈ ਕਾਫੀ ਹੈ,
ਕਿਸੇ ਆਪਣੇ ਦੇ ਹੋਣ ਦਾ ਅਹਿਸਾਸ|
ਸਾਡੀ ਭੁੱਖ ਜਿਸਮ ਦੀ ਨਹੀ,
ਰੂਹ ਦੀ ਹੈ |
ਤੇ ਰੂਹਾਂ ਜਿਸਮਾਂ ਵਾਂਗ
ਰਾਤ ਦੇ ਹਨੇਰੇ ਚ ਬੇਗਾਨੀਆਂ
ਕੰਧਾਂ ਨੀ ਟੱਪਦੀਆਂ,
ਤੇ ਨਾ ਹੀ ਲੱਭਦੀਆਂ ਨੇ ਕੋਈ
ਸੁੰਨਸਾਨ ਜਿਹੀ ਥਾਂ|
ਰੂਹ ਤਾਂ ਰੱਜ ਜਾਦੀ ਹੈ
ਹਵਾ ਚੋ ਆਉਂਦੀ ਸੱਜਣਾ ਦੀ
ਮਹਿਕ ਨਾਲ ਹੀ,
ਤੇ ਮਰ ਮਿਟਦੀ ਏ
ਉਸਦੀ ਖੁਸ਼ੀ ਲਈ |
ਜਿਸਮ ਥਕਦੇ ਵੀ ਨੇ
ਤੇ ਢਲਦੇ ਵੀ|
ਜੋ ਵੀ ਕਰਦੇ ਨੇ
ਬੱਸ ਆਪਣੇ ਲਈ|
ਜਿਸਮ ਦਾ ਮਕਸਦ ਹੈ
ਪਾਉਣਾ ਤੇ ਹਢਾਂਉਣਾਂ
ਕਿਸੇ ਢੰਗ ਨਾਲ ਵੀ|
ਪਰ ਰੂਹ ਲਈ ਤਾਂ
ਕੀ ਪਾਉਣਾ ਤੇ ਕੀ ਗਵਾਉਣਾ,
ਕੀ ਦੂਰੀ ਤੇ ਕੀ ਨਜ਼ਦੀਕੀ,
ਸਭ ਦਾ ਇਕੋ ਅਰਥ-
ਪਿਆਰ ਦੀ ਸਲਾਮਤੀ|
ਤਾਂ ਕਿ ਬਣਿਆ ਰਹੇ
ਕਿਸੇ ਆਪਣੇ ਦੇ ਹੋਣ ਦਾ ਅਹਿਸਾਸ|

Friday, April 17, 2009

ਕੀ ਮੈਂ ?

ਮੈਨੂੰ ਵੀ ਬੰਨ ਦੇਣਾ
ਕੀਲੇ ਨਾਲ,
ਮੇਰੇ ਗਲ ਚ ਹੋਣਾ
ਵਿਆਹ ਦਾ ਰੱਸਾ।
ਉਸੇ ਕੀਲੇ ਬੰਨ ਦੇਣਾ
ਇਕ ਅਜਨਬੀ,
ਜੋ ਪਤਾ ਨੀ ਕਿਵੇਂ
ਇਕ ਦਿਨ ਚ ਬਣ ਜਾਣੇ
ਮੇਰਾ ਜੀਵਨਸਾਥੀ?
ਫਿਰ ਅਸੀ ਖੇਡ ਸਕਾਗੇਂ
ਜਿਸਮਾਂ ਦੀ ਖੇਡ
ਪਤਾ ਨੀ ਕਦ ਹੋਣਾ
ਰੂਹਾਂ ਦਾ ਮੇਲ।
ਹੋ ਸਕਦਾ ਸਮਝ ਲਈਏ
ਇਕ ਦੂਜੇ ਨੂੰ
ਤੇ ਪੈਦਾ ਹੋ ਜਾਵੇ
ਪਿਆਰ ਦਾ ਅਹਿਸਾਸ।
ਪਰ ਇਹ ਜੇ ਨਾ ਹੋ ਸਕਿਆ
ਕੀ ਮੈਂ ਪੁੱਟ ਸਕਾਗਾਂ
ਕੀਲਾ?
ਕੀ ਮੈਂ ਤੋੜ ਸਕਾਗਾਂ
ਰੱਸਾ?
ਜਾਂ ਫਿਰ ਕਰ ਲਵਾਗਾਂ
ਸਮਝੌਤਾ ਜਿਦਗੀ ਨਾਲ
ਹੋਰਾ ਵਾਂਗ।

Friday, November 21, 2008

ਆਪਣੇ ਬਾਰੇ

ਬੜੇ ਭਰਮ ਸੀ ਆਪਣੇ ਬਾਰੇ
ਜੋ ਦੂਰ ਹੋ ਗਏ।
ਕੁਝ ਕਮੀਆ ਆਪਣੇ ਆਪ ਚ
ਤੇ ਕੁਝ ਸਮੇਂ ਹੱਥੋਂ
ਮਜਬੂਰ ਹੋ ਗਏ।
ਲੋਕੀ ਡਰਦੇ ਨੇ ਜਿਨਾਂ ਤੋਂ
ਉਹ ਫੱਟ ਸਾਡੀ ਰੂਹ ਦਾ
ਸਰੂਰ ਹੋ ਗਏ।
ਪਲਦੇ ਨੇ ਦਿਲ ਚ ਨਵੇਂ ਅਰਮਾਨ
ਪਰ ਪਹਿਲਾਂ ਵਾਲੇ ਸਾਰੇ
ਚੂਰ ਹੋ ਗਏ।
ਸ਼ੁਰੂ ਕਰਾਗੇਂ ਨਵੀ ਜਿੰਦਗੀ
ਭਾਵੇਂ ਦਾਗ ਤਾਂ ਸਾਡੇ ਤੇ
ਜ਼ਰੂਰ ਹੋ ਗਏ।
...........ਸਤਵੀਰ

Sunday, November 9, 2008

ਗਮ

ਤੁਸੀ ਸੋਚਦੇ ਹੋਵੋਗੇ
ਕੀ ਏਸ ਉਮਰੇ ਤਾਂ ਮੁਹੱਬਤ ਦਾ ਗਮ ਹੀ ਹੋਣਾ
ਪਰ ਨਹੀ
ਗਮ ਹੈ
ਉਨਾਂ ਸਧਰਾਂ ਦਾ
ਜੋ ਕੱਲ ਬੰਬ ਧਮਾਕੇ ਚ
ਕਤਲ ਹੋ ਗਈਆਂ,
ਹਰ ਉਸ ਕੁੜੀ ਲਈ
ਜੋ ਮਰ ਗਈ
ਜਨਮ ਤੋਂ ਪਹਿਲਾ ਹੀ
ਗਮ ਹੈ
ਉਸ ਕਿਸਾਨ ਲਈ
ਜਿਸਦੀ ਸੋਕੇ ਚ ਪਲੀ ਫਸਲ
ਹੜਾਂ ਨਾਲ ਡੁੱਬ ਗਈ,
ਉਨਾਂ ਲੋਕਾਂ ਲਈ
ਜੋ ਅਰਬਪਤੀਆਂ ਦੇ ਦੇਸ਼ ਚ
ਅੱਜ ਵੀ ਭੁੱਖੇ ਸੋ ਗਏ
ਗਮਾ ਦੀ ਲਿਸਟ ਲੰਬੀ ਹੈ
ਪਰ ਤੁਹਾਨੂੰ ਇਸ ਤੋ ਕੀ?
ਤੁਸੀ
ਕਿਸੇ ਨਿਊਜ਼ ਚੈਨਲ ਤੇ
ਧੋਨੀ ਦਾ ਧਮਾਲ
ਰਾਖੀ ਸਾਵੰਤ ਦਾ ਜਾਲ
ਜਾਂ ਫੇਰ
ਸੈਂਸਕਸ ਦਾ ਉਛਾਲ
ਵੇਖ ਕਿ ਖੁਸ਼ ਹੋਵੋ..........
.ਸਤਵੀਰ
free website hit counters
Supported by website-hit-counters.com .